ਕੀ ਲੈਣ ਜਾਣਾ ਹੈ ਪੰਜਾਬ?
ਉਹ ਪੁੱਛਦੇ ਨੇ ਕਿ ਕੀ ਰਹਿ ਗਿਆ ਹੈ ਮੇਰਾ ਓਥੇ..
ਫੁੱਟਦੀ ਸਵੇਰ ਚ ਚਿੜੀਆਂ ਦੀ ਰੋਣਕ, ਖਿੜੀ ਦੁਪਹਿਰੇ ਸਕੂਲ ਦੀ ਅੱਧੀ ਛੁੱਟੀ ਚ ਖੇਡ, ਟੂਟੀ ਚੋਂ ਠੰਡੇ ਪਾਣੀ ਲਈ ਦੋਸਤਾਂ ਦੀ ਲੱਗੀ ਲਾਈਨ, ਸ਼ਾਮ ਨੂੰ ਭਰੇ ਪਰਿਵਾਰ ਚ ਪਹਿਲਾਂ ਤੂੰ-ਪਹਿਲਾਂ ਤੂੰ ਕਾਪੀਆਂ ਤੇ ਕੀਤਾ ਕੰਮ ਦਿਖੋਂਦੇ ਪਿਓ ਦਾ ਡਰ, ਰਾਤ ਦੀ ਠੰਡੀ ਚੁੱਪ ਚ ਮਾਂਜੀ ਦੀਆਂ ਬਾਤਾਂ ਦਾ ਨਿੱਘ, ਤੇ ਹੋਰ ਵੀ ਬਹੁਤ ਕੁਝ, ਬਹੁਤ ਕੁਝ ਰਹਿ ਗਿਆ ਹੈ ਮੇਰਾ।
... ਪਗਡੰਡੀਆਂ ਚ ਪਏ ਨਿੱਕੇ ਵੱਡੇ ਪੱਥਰ, ਤੇ ਓਹਨਾ ਪੱਥਰਾਂ ਚੋਂ ਬਚਾ ਸਾਇਕਲ ਚਲਾਉਣ ਦੀ ਮਹਾਰਤ, ਗੁਲਾਬ, ਡਾਲੀਆ, ਸਵੀਟ-ਪੀ, ਬੋਗਨਵਿਲੀਆ ਫੁੱਲਾਂ ਤੇ ਉੱਡਦਿਆਂ ਕਿੰਨੇ ਹੀ ਰੰਗਾਂ ਦੀਆਂ ਤਿੱਤਲੀਆਂ, ਘਰ ਦੇ ਬਾਹਰ ਲੱਗਾ ਵੱਡੇ ਪੱਤਿਆਂ ਵਾਲਾ ਛੱਤ ਚੜ੍ਹਦਾ ਮਨੀ ਪਲਾਂਟ, ਇਕ ਅਮਰੂਦ ਦਾ ਦਰੱਖਤ ਤੇ ਦੋ ਅੰਗੂਰਾਂ ਦੇ ਬੂਟੇ, ਅੰਗੂਰਾਂ ਦੇ ਗੁੱਛਿਆਂ ਨੂੰ ਠੁੰਗਾਂ ਮਾਰਦੀਆਂ ਕਈ ਚਿੜੀਆਂ, ਗੁਲਮੋਹਰ ਦੇ ਫੁੱਲਾਂ ਨਾਲ ਲੱਦੇ ਦਰਖਤ ਵੀ ..
ਤੇ ਗੂੜੇ ਕਾਲੇ ਬੱਦਲਾਂ ਨਾਲ ਭਰਦਾ ਅੰਬਰ, ਤੇਜ਼ ਹਨ੍ਹੇਰੀ ਚ ਤਾਰੋਂ ਉੱਡਦੇ ਸੁੱਕਣੇ ਪਾਏ ਕਪੜਿਆਂ ਪਿਛਲੀ ਦੌੜ, ਅੰਟੀਨਾ ਹਿਲਣ ਕਰਕੇ ਕ੍ਰਿਕਟ ਦਾ ਨਾ ਦੇਖਿਆ ਓਵਰ, ਤੱਪਦੀ ਮਿੱਟੀ ਤੇ ਨੱਚਦਿਆਂ ਕਣੀਆਂ ਦੇ ਮੇਲ ਚੋਂ ਉੱਘੀ ਮਹਿਕ, ਮਾਂ ਦੇ ਬਣਾਏ ਪੂੜੇ ਨਾਲ ਖਾਦੇ ਅੰਬ ਦੇ ਅਚਾਰ ਦਾ ਸਵਾਦ, ਅੱਧੀ ਖੁੱਲੀ ਬਾਰੀ ਚੋਂ ਆਉਂਦੀ ਬਾਛੜ ਨਾਲ ਹੋਇਆ ਕਮਰੇ ਚ ਚਿੱਕੜ, ਛਪਕਲ ਛਪਕਲ ਤੁਰਦਿਆਂ ਟੁੱਟੀ ਮੇਰੀ ਇਕ ਚੱਪਲ, ਛੂਂ ਕਰਕੇ ਲੰਘੇ ਮੋਟਰਸਾਈਕਲ ਨਾਲ ਪਏ ਸਕੂਲ ਦੀਆਂ ਚਿੱਟੀਆਂ ਜਰਾਬਾਂ ਤੇ ਛਿੱਟੇ, ਤੇ ਇਥੋਂ ਤੱਕ ਕੇ ਪੌੜੀਆਂ ਉਤਰਦੇ ਹੱਥ ਵਿਚ ਵੱਜਿਆ ਭਰਿੰਡ ਦਾ ਢੰਗ ਵੀ ਓਥੇ ਰਹਿ ਗਿਆ ਹੈI
ਉਮਰ ਦੇ ਜ਼ਰਖੇਜ਼ ਪੰਨਿਆਂ ਤੇ ਸ਼ੁਰੂ ਕੀਤੀਆਂ ਸਾਰੀਆਂ ਕਹਾਣੀਆਂ ਦੇ ਮੁੱਖ ਬੰਦ ਓਥੇ ਰਹਿ ਗਏ ਨੇI
ਪਰ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਕਿ ਕੀ ਲੈਣ ਜਾਣਾ ਹੈ ਪੰਜਾਬ ਮੈਂ ?